ਸੁਲਤਾਨਪੁਰ ਨੈਸ਼ਨਲ ਪਾਰਕ ਵਾਈਲਡ ਲਾਈਫ ਫੋਟੋਗ੍ਰਾਫਰਸ, ਪੰਛੀ ਪ੍ਰੇਮੀਆਂ ਅਤੇ ਕੁਦਰਤ ਪ੍ਰੇਮੀਆਂ ਲਈ ਇੱਕ ਬੇਹਤਰ ਸਥਾਨ ਹੈ। ਹਾਲਾਂਕਿ ਦੂਜੀਆਂ ਬਰਡ ਸੈਂਚੁਅਰੀਆਂ ਦੀ ਤੁਲਨਾ ਵਿੱਚ ਇਹ ਛੋਟਾ ਹੈ, ਪਰ ਫਿਰ ਵੀ ਹੁਣ ਤੱਕ ਇਸਦੀ ਕੁਦਰਤੀ ਸੁੰਦਰਤਾ ਨੂੰ ਬਹੁਤ ਹੀ ਚੰਗੇ ਢੰਗ ਨਾਲ ਸਹੇਜਿਆ ਗਿਆ ਹੈ। ਸੁਲਤਾਨਪੁਰ ਨੈਸ਼ਨਲ ਪਾਰਕ ਦਿੱਲੀ ਤੋਂ 45 ਕਿਲੋਮੀਟਰ ਦੱਖਣ-ਪੱਛਮ ਵਿੱਚ ਅਤੇ ਗੁੜਗਾਉਂ ਤੋਂ 15 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਅਨੇਕਾਂ ਪ੍ਰਕਾਰ ਦੇ ਪੰਛੀ, ਘਣੇ ਜੰਗਲਾਂ ਅਤੇ ਝੀਲਾਂ ਨਾਲ ਭਰਿਆ ਇਹ ਸੋਹਣਾ ਨੈਸ਼ਨਲ ਪਾਰਕ 'ਹਰਿਆਲੀ ਦੇ ਸਵਰਗ' ਦੇ ਬਰਾਬਰ ਹੈ। ਇੱਥੇ ਆ ਕੇ ਮਨ ਨੂੰ ਇੱਕ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਸੁਲਤਾਨਪੁਰ ਨੂੰ ਸੰਨ 1972 ਵਿੱਚ 'ਵਾਟਰ ਬਰਡ ਰਿਜਰਵ' ਦੇ ਰੂਪ 'ਚ ਘੋਸ਼ਿਤ ਕੀਤਾ ਗਿਆ। ਇੱਥੇ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਝਾੜੀਆਂ, ਘਾਹ ਦਾ ਮੈਦਾਨ ਅਤੇ ਬਹੁਤ ਜਿਆਦਾ ਸੰਖਿਆ 'ਚ ਬੋਗਨਵੇਲੀਆ ਦੇ ਪੌਦੇ ਹਨ। ਇਹ ਸਭ ਸਾਨੂੰ ਇੱਥੇ ਕੁਦਰਤ ਦੀ ਗੋਦ 'ਚ ਕੁਝ ਸਮਾਂ ਬਿਤਾਉਣ ਲਈ ਸੱਦਾ ਦਿੰਦੇ ਹਨ। ਇਹ ਨੈਸ਼ਨਲ ਪਾਰਕ ਪ੍ਰਵਾਸੀ ਪੰਛੀਆਂ ਦੀ ਅਰਾਮਗਾਹ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਸਤੰਬਰ ਮਹੀਨੇ ਤੋਂ ਇੱਥੇ ਤਰ੍ਹਾ-ਤਰ੍ਹਾਂ ਦੇ ਪ੍ਰਵਾਸੀ ਪੰਛੀਆਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ।ਇਹਨਾਂ ਪੰਛੀਆਂ ਦੀ ਭੀੜ ਅਤੇ ਆਵਾਜ਼ਾਂ ਨਾਲ ਪਾਰਕ ਦੀ ਸੁੰਦਰਤਾ ਵਿੱਚ ਚਾਰ ਚੰਦ ਲੱਗ ਜਾਂਦੇ ਹਨ। ਪਾਰਕ ਦੇ ਸੁੰਦਰ ਨਜਾਰੇ ਅਤੇ ਵੱਖ-ਵੱਖ ਪ੍ਰਕਾਰ ਦੇ ਪੰਛੀਆਂ ਨੂੰ ਦੇਖਣ ਲਈ ਇੱਥੇ ਕਈ ਸਾਰੇ ਵਾਚ ਟਾਵਰ ਬਣਾਏ ਗਏ ਹਨ, ਜਿੱਥੋਂ ਤੁਸੀਂ ਪਾਰਕ ਦੀ ਖੂਬਸੂਰਤੀ ਅਤੇ ਇਹਨਾਂ ਪੰਛੀਆਂ ਦੇ ਕੰਮਾਂ ਨੂੰ ਨੇੜਿਓਂ ਦੇਖਣ ਅਤੇ ਜਾਨਣ ਦਾ ਆਨੰਦ ਉਠਾ ਸਕਦੇ ਹੋ। ਸੁਲਤਾਨਪੁਰ ਬਰਡ ਵਾਚਿੰਗ ਪਲੇਸ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ। ਇੱਥੇ ਤੁਸੀਂ ਝੀਲ ਦੇ ਨਿਰਮਲ ਜਲ ਵਿੱਚ ਤੈਰਦੇ, ਇੱਧਰ-ਉੱਧਰ ਘੁੰਮਦੇ-ਫਿਰਦੇ, ਆਸਮਾਨ ਵਿੱਚ ਉਡਾਨ ਭਰਦੇ ਪੰਛੀਆਂ ਨੂੰ ਬਹੁਤ ਨੇੜਿਓਂ ਦੇਖ ਸਕਦੇ ਹੋ। ਪੰਛੀਆਂ ਦੀ ਸੁਰੱਖਿਆ ਅਤੇ ਸਵੱਛਤਾ ਵਿੱਚ ਕੋਈ ਮੁਸ਼ਕਿਲ ਨਾ ਹੋਵੇ ਇਸ ਲਈ ਇੱਥੋਂ ਦੀਆਂ ਝੀਲਾਂ ਵਿੱਚ ਕਿਸ਼ਤੀ ਚਲਾਉਣ ਦੀ ਮਨਾਹੀ ਹੈ। ਇੱਥੇ ਤੁਹਾਨੂੰ ਕਿੰਗਫਿਸ਼ਰ, ਗ੍ਰੇ ਪੈਲੀਕੇਨਸ, ਕਾਰਮੋਰੇਟਸ, ਸਪੂਨਬਿਲਸ, ਪੋਂਡ ਹੇਰੋਸ, ਵ੍ਹਾਈਟ ਇਬਿਸ ਆਦਿ ਪੰਛੀਆਂ ਨੂੰ ਦੇਖਣ ਨੂੰ ਮਿਲ ਜਾਣਗੇ। ਇਸਦੇ ਇਲਾਵਾ ਨੀਲ ਗਾਂ ਵੀ ਇੱਥੋਂ ਦੇ ਪ੍ਰਮੁੱਖ ਆਕਰਸ਼ਣਾਂ ਵਿੱਚੋਂ ਇੱਕ ਹੈ। ਜੇ ਤੁਸੀਂ ਵੀ ਸੁਲਤਾਨਪੁਰ ਨੈਸ਼ਨਲ ਪਾਰਕ ਦੀ ਸੈਰ ਕਰਨਾ ਚਾਹੁੰਦੇ ਹੋ ਤਾਂ ਦਸੰਬਰ ਤੋਂ ਜਨਵਰੀ ਮਹੀਨੇ ਵਿਚਕਾਰ ਦਾ ਸਮਾਂ ਇੱਥੇ ਆਉਣ ਦਾ ਬੇਹਤਰ ਸਮਾਂ ਹੈ, ਕਿਉਂਕਿ ਇਸ ਸਮੇਂ ਇੱਥੇ ਦੁਰਲਭ ਪ੍ਰਵਾਸੀ ਪੰਛੀਆਂ ਦੀ ਭੀੜ ਲੱਗਦੀ ਹੈ, ਜੋ ਕਈ ਮੀਲਾਂ ਦੀ ਦੂਰੀ ਤੈਅ ਕਰਕੇ ਇੱਥੇ ਆਉਂਦੇ ਹਨ। ਸੁਲਤਾਨਪੁਰ ਕਿਉਂ ਹੈ ਖਾਸ : * ਕਈ ਪ੍ਰਕਾਰ ਦੇ ਦੁਰਲਭ ਪੰਛੀਆਂ ਦੀ ਉਪਲੱਬਧਤਾ। * ਕੁਦਰਤੀ ਸੁੰਦਰਤਾ ਨਾਲ ਭਰਪੂਰ ਸਥਾਨ। * ਇੱਕ ਵਧੀਆ ਪਿਕਨਿਕ ਸਪਾਟ। * ਹਰਿਆਣਾ ਟੂਰਿਜਮ ਦੇ ਬੇਹਤਰ ਹੋਟਲ ਉਪਲਬਧ। * ਵਾਚ ਟਾਵਰ ਤੋਂ ਪੰਛੀਆਂ ਨੂੰ ਨੇੜਿਓਂ ਦੇਖਣ ਦਾ ਮਜਾ। * ਇੱਕ ਛੋਟਾ ਮਿਊਜ਼ੀਅਮ ਅਤੇ ਲਾਇਬ੍ਰੇਰੀ। |