ਉੱਤਰ ਪ੍ਰਦੇਸ਼ ਦਾ ਤੀਸਰਾ ਵੱਡਾ ਜਿਲ੍ਹਾ ਆਗਰਾ ਇਤਿਹਾਸਿਕ ਦ੍ਰਿਸ਼ਟੀ ਤੋਂ ਕਾਫੀ ਮਹਤੱਵਪੂਰਨ ਹੈ। ਮੁਗਲਾਂ ਦਾ ਇਹ ਸਭ ਤੋਂ ਪਸੰਦੀਦਾ ਸ਼ਹਿਰ ਹੈ। ਇਹੀ ਕਾਰਨ ਹੈ ਕਿ ਉਹਨਾਂ ਨੇ ਦਿੱਲੀ ਤੋਂ ਪਹਿਲਾਂ ਆਗਰਾ ਨੂੰ ਆਪਣੀ ਰਾਜਧਾਨੀ ਬਣਾਇਆ ਸੀ। ਇਸ ਸ਼ਹਿਰ ਨੂੰ ਇਬ੍ਰਾਹਿਮ ਲੋਧੀ ਨੇ ਸੰਨ 1504 ਵਿੱਚ ਵਸਾਇਆ। ਜਿਸ ਸਮੇਂ ਇਸ ਸ਼ਹਿਰ ਦੀ ਸਥਾਪਨਾ ਕੀਤੀ ਗਈ, ਉਸ ਸਮੇਂ ਕਿਸੇ ਨੇ ਇਹ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਕਿ ਉਹ ਸ਼ਹਿਰ ਖੂਬਸੂਰਤੀ ਲਈ ਪੂਰੀ ਦੁਨੀਆ ਵਿੱਚ ਆਪਣਾ ਝੰਡਾ ਲਹਿਰਾਏਗਾ।
ਇਤਿਹਾਸ ਵੀ ਕੁਝ ਕਹਿੰਦਾ ਹੈ - ਰਾਜਧਾਨੀ ਦਿੱਲੀ ਤੋਂ ਕਰੀਬ 200 ਕਿਲੋਮੀਟਰ ਦੀ ਦੂਰੀ ਤੇ ਸਥਿਤ ਆਗਰਾ ਸ਼ਹਿਰ ਆਪਣੀ ਕਲਾ ਦੀ ਜਿਉਂਦੀ-ਜਾਗਦੀ ਤਸਵੀਰ ਪ੍ਰਤੀਤ ਹੁੰਦਾ ਹੈ। ਇਹ ਇਤਿਹਾਸ ਤਾਂ ਬੱਚੇ-ਬੱਚੇ ਦੀ ਜੁਬਾਨ ਤੇ ਹੈ ਕਿ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਦੂਸਰੀ ਪਤਨੀ ਮੁਮਤਾਜ ਦੀ ਯਾਦ ਵਿੱਚ ਤਾਜਮਹਿਲ ਦਾ ਨਿਰਮਾਣ ਕਰਵਾਇਆ ਸੀ। 1630 ਈਸਵੀ ਵਿੱਚ ਸ਼ੁਰੂ ਹੋਇਆ ਇਸਦਾ ਨਿਰਮਾਣ ਕਾਰਜ ਬਾਈ ਸਾਲਾਂ ਵਿੱਚ ਪੂਰਾ ਹੋਇਆ ਸੀ, ਜਿਸ ਵਿੱਚ ਕਰੀਬ ਵੀਹ ਹਜਾਰ ਮਜਦੂਰਾਂ ਦਾ ਯੋਗਦਾਨ ਰਿਹਾ। ਉਸ ਮੁਹੱਬਤ ਅਤੇ ਸ਼ਿੱਦਤ ਦਾ ਹੀ ਨਤੀਜਾ ਹੈ, ਖੂਬਸੂਰਤੀ ਦਾ ਅਨਮੋਲ ਹੀਰਾ 'ਤਾਜਮਹਿਲ'।
ਆਗਰਾ ਸ਼ਹਿਰ ਆਪਣੀ ਕਲਾ ਦੇ ਕਾਰਨ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਬਹੁਤ ਜਿਆਦਾ ਗਰਮੀ ਹੋਵੇ ਜਾਂ ਫਿਰ ਕੰਬਾ ਦੇਣ ਵਾਲੀ ਠੰਡ, ਹਰ ਮੌਸਮ ਵਿੱਚ ਸੈਲਾਨੀਆਂ ਦੀ ਇੱਥੇ ਭੀੜ ਲੱਗੀ ਰਹਿੰਦੀ ਹੈ।
ਮੁੱਖ ਆਕਰਸ਼ਣ :- ਤਾਜਮਹਿਲ - ਯਮੁਨਾ ਨਦੀ ਦੇ ਕਿਨਾਰੇ ਸੋਹਣੇ ਪੱਥਰਾਂ ਨਾਲ ਨਿਰਮਿਤ ਅਲੌਕਿਕ ਸੁੰਦਰਤਾ ਦੀ ਤਸਵੀਰ 'ਤਾਜਮਹਿਲ' ਨਾ ਕੇਵਲ ਭਾਰਤ ਵਿੱਚ, ਬਲਕਿ ਪੂਰੇ ਵਿਸ਼ਵ ਵਿੱਚ ਆਪਣੀ ਪਹਿਚਾਣ ਬਣਾ ਚੁੱਕਿਆ ਹੈ। ਪਿਆਰ ਦੀ ਇਸ ਨਿਸ਼ਾਨੀ ਨੂੰ ਦੇਖਣ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਦੁਧੀਆ ਚਾਂਦਨੀ ਵਿੱਚ ਨਹਾਏ ਤਾਜਮਹਿਲ ਨੂੰ ਦੇਖਣ ਦੇ ਬਾਦ ਖੂਬਸੂਰਤੀ ਦੀਆਂ ਸਾਰੀਆਂ ਉਪਮਾਵਾਂ ਫਿੱਕੀਆਂ ਪੈ ਜਾਂਦੀਆਂ ਹਨ। ਤਾਜਮਹਿਲ ਦੇ ਹੇਠਲੇ ਹਿੱਸੇ ਵਿੱਚ ਮੁਮਤਾਜ ਮਹਿਲ ਅਤੇ ਸ਼ਾਹਜਹਾਂ ਦੀ ਕਬਰ ਆਹਮਣੇ-ਸਾਹਮਣੇ ਬਣੀ ਹੋਈ ਹੈ। ਗੁਬੰਦਨੁਮਾ ਇਸ ਇਮਾਰਤ ਨੂੰ ਜਦੋਂ ਸਿਰ ਉਠਾ ਕੇ ਉੱਪਰ ਦੇਖਦੇ ਹਨ ਤਾਂ ਇਸਦੀ ਨੱਕਾਸ਼ੀਦਾਰ ਛੱਤਾਂ ਅਤੇ ਦੀਵਾਰਾਂ ਕਿਸੇ ਹੈਰਾਨਗੀ ਤੋਂ ਘੱਟ ਨਹੀਂ ਲੱਗਦੀਆਂ।
ਏਨੇ ਸਾਲਾਂ ਬਾਅਦ ਵੀ ਇਸਦੀ ਖੂਬਸੂਰਤੀ ਉਸੇ ਤਰ੍ਹਾਂ ਬਣੀ ਹੋਈ ਹੈ ਜਾਂ ਇਹ ਕਹਿ ਲਉ ਕਿ ਹੋਰ ਵਧਦੀ ਜਾ ਰਹੀ ਹੈ। ਮੁੱਖ ਗੁਬੰਦ 60 ਫੁੱਟ ਉੱਚਾ ਅਤੇ 80 ਫੁੱਟ ਚੌੜਾ ਹੈ। ਹਰ ਮੌਸਮ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਇੱਥੇ ਪਹੁੰਚਣ ਵਾਲੇ ਸੈਲਾਨੀ ਇਸਦੀ ਖੂਬਸੂਰਤੀ ਨੂੰ ਆਪਣੇ ਅੰਦਰ ਸਮਾ ਲੈਣਾ ਚਾਹੁੰਦੇ ਹਨ। ਤਾਜਮਹਿਲ ਦੀ ਖੂਬਸੂਰਤੀ ਦਾ ਨਜਾਰਾ ਸਵੇਰੇ 6 ਵਜੇ ਤੋਂ ਸ਼ਾਮ 7.30 ਵਜੇ ਤੱਕ ਹੀ ਦੇਖਿਆ ਜਾ ਸਕਦਾ ਹੈ। ਸ਼ੁਕਰਵਾਰ ਦੇ ਦਿਨ ਮੁੱਖ ਦਰਵਾਜਾ ਬੰਦ ਰਹਿੰਦਾ ਹੈ।
ਆਗਰਾ ਕੋਰਟ : ਆਗਰਾ ਕੋਰਟ ਇੱਥੋਂ ਦੀਆਂ ਮਹੱਤਵਪੂਰਨ ਇਮਾਰਤਾਂ ਵਿੱਚੋਂ ਇੱਕ ਹੈ। ਇਸ ਨੂੰ ਰੈਡ ਫੋਰਟ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਲਾਲ ਪੱਥਰਾਂ ਨਾਲ ਨਿਰਮਿਤ ਇਸ ਇਮਾਰਤ ਨੂੰ ਕਲਾ ਦਾ ਬੇਜੋੜ ਨਮੂਨਾ ਕਿਹਾ ਜਾ ਸਕਦਾ ਹੈ। ਇਸਦਾ ਨਿਰਮਾਣ 1565 ਈਸਵੀ ਵਿੱਚ ਅਕਬਰ ਨੇ ਕਰਵਾਇਆ ਸੀ। ਇੱਥੇ ਵੀ ਲੋਕ ਭਾਰੀ ਸੰਖਿਆ ਵਿੱਚ ਇਸ ਦਾ ਨਜਾਰਾ ਦੇਖਣ ਆਉਂਦੇ ਹਨ। ਇਸਦੇ ਅੰਦਰ ਹੀ ਜਹਾਂਗੀਰ ਮਹਿਲ ਹੈ, ਜਿਸ ਨੂੰ ਦੀਵਾਨੇ-ਏ-ਖਾਸ ਕਿਹਾ ਜਾਂਦਾ ਹੈ। ਉੱਥੇ ਕੱਚ ਨਾਲ ਬਣੇ ਸ਼ੀਸ਼ਮਹਿਲ ਦੀ ਖੂਬਸੂਰਤੀ ਵੀ ਦੇਖਦੇ ਹੀ ਬਣਦੀ ਹੈ।
ਫਤਿਹਪੁਰ ਸੀਕਰੀ : ਜੋ ਲੋਕ ਆਗਰਾ ਵਿੱਚ ਨਿਰਮਿਤ ਬੇਜੋੜ ਕਲਾਵਾਂ ਨੂੰ ਦੇਖਣ ਆਉਂਦੇ ਹਨ, ਉਹ ਇੱਕ ਵਾਰ ਫਤਿਹਪੁਰ ਸੀਕਰੀ ਦਾ ਰੁਖ ਜਰੂਰ ਕਰਦੇ ਹਨ। ਆਗਰਾ ਤੋਂ ਲਗਭਗ 35 ਕਿਲੋਮੀਟਰ ਦੂਰ ਸਥਿਤ ਇਸ ਸਥਾਨ ਨੂੰ ਮੁਗ਼ਲ ਸਮਰਾਟ ਅਕਬਰ ਨੇ ਆਪਣੀ ਰਾਜਧਾਨੀ ਬਣਾਇਆ ਸੀ, ਇਸ ਲਈ ਇੱਥੇ ਕਈ ਵੱਡੀਆਂ-ਵੱਡੀਆਂ ਇਮਾਰਤਾਂ ਬਣੀਆਂ ਹੋਈਆਂ ਹਨ।
ਰਾਮਬਾਗ : ਤਾਜਮਹਿਲ ਦੇ ਉੱਤਰੀ ਭਾਗ ਵਿੱਚ ਇਹ ਲਗਭਗ ਢਾਈ ਕਿਲੋਮੀਟਰ ਖੇਤਰ ਵਿੱਚ ਫੈਲਿਆ ਹੈ। ਰਾਮਬਾਗ ਮੁਗ਼ਲਾਂ ਦੁਆਰਾ ਨਿਰਮਿਤ ਸਭ ਤੋਂ ਪੁਰਾਣੇ ਬਾਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬਾਬਰ ਨੇ ਇਸ ਬਾਗ ਨੂੰ 1528 ਈਸਵੀ ਵਿੱਚ ਬਣਵਾਇਆ ਸੀ।
ਜਾਮਾ ਮਸਜਿਦ : ਖੂਬਸੂਰਤ ਪੱਥਰਾਂ ਨਾਲ ਬਣੀ ਜਾਮਾ ਮਸਜਿਦ ਸ਼ਾਹਜਹਾਂ ਦੀ ਬੇਟੀ ਜਹਾਂਆਰਾ ਬੇਗਮ ਦੀ ਯਾਦ ਵਿੱਚ ਸੰਨ 1648 ਈਸਵੀ ਵਿੱਚ ਬਣਾਈ ਗਈ ਸੀ। ਤਾਜਮਹਿਲ ਦੀ ਤਰ੍ਹਾਂ ਹੀ ਇਸਦੇ ਗੁਬੰਦ ਵੀ ਬਹੁਤ ਖੂਬਸੂਰਤੀ ਨਾਲ ਤਰਾਸ਼ੇ ਗਏ ਹਨ।
ਮੇਹਤਾਬ ਬਾਗ : ਯਮੁਨਾ ਨਦੀ ਦੀ ਵਿਪਰੀਤ ਦਿਸ਼ਾ ਵਿੱਚ ਬਣਿਆ ਮੇਹਤਾਬ ਬਾਗ ਫੁੱਲਾਂ ਅਤੇ ਅਲੱਗ-ਅਲੱਗ ਪ੍ਰਕਾਰ ਦੇ ਪੇੜ-ਪੌਦਿਆਂ ਨਾਲ ਸਜਿਆ-ਧਜਿਆ ਸੈਲਾਨੀਆਂ ਨੂੰ ਬਹੁਤ ਲੁਭਾਉਂਦਾ ਹੈ। ਮੇਹਤਾਬ ਬਾਗ 'ਤਾਜਮਹਿਲ' ਦੇ ਕੋਲ ਹੀ ਬਣਿਆ ਹੋਇਆ ਹੈ।
ਕਦੋਂ ਜਾਈਏ : ਕਿਉਂਕਿ ਆਗਰਾ ਇੱਕ ਗਰਮ ਸ਼ਹਿਰ ਹੈ, ਇਸ ਲਈ ਗਰਮੀਆਂ ਵਿੱਚ ਇਸ ਸ਼ਹਿਰ ਦਾ ਤਾਪਮਾਨ ਕਾਫੀ ਵਧ ਜਾਂਦਾ ਹੈ ਅਤੇ ਠੰਡ ਵੀ ਇੱਥੇ ਕੜਾਕੇ ਦੀ ਪੈਂਦੀ ਹੈ। ਜੇਕਰ ਤੁਸੀਂ ਆਗਰਾ ਜਾਣ ਦਾ ਮਨ ਬਣਾ ਰਹੇ ਹੋ ਤਾਂ ਤੁਹਾਡੇ ਲਈ ਸਭ ਤੋਂ ਵਧੀਆ ਸਮਾਂ ਹੋਵੇਗਾ, ਜਨਵਰੀ ਤੋਂ ਲੈ ਕੇ ਮੱਧ ਅਪ੍ਰੈਲ ਦਾ ਮਹੀਨਾ ਜਾਂ ਫਿਰ ਤੁਸੀਂ ਸਤੰਬਰ ਤੋਂ ਦਸੰਬਰ ਦੇ ਵਿਚਕਾਰ ਵੀ ਜਾ ਸਕਦੇ ਹੋ।
ਕਿਵੇਂ ਜਾਉ : ਇਹ ਸ਼ਹਿਰ ਹੋਰ ਸ਼ਹਿਰਾਂ ਨਾਲ ਰੇਲ ਅਤੇ ਹਵਾਈ, ਦੋਨਾਂ ਮਾਰਗਾਂ ਨਾਲ ਜੁੜਿਆ ਹੋਇਆ ਹੈ। ਤੁਸੀਂ ਆਪਣੀ ਸੁਵਿਧਾ ਅਤੇ ਬਜਟ ਦੇ ਅਨੁਸਾਰ ਇੱਥੇ ਪਹੁੰਚ ਸਕਦੇ ਹੋ।
ਕਿੱਥੇ ਠਹਿਰੋ : 'ਤਾਜਮਹਿਲ' ਦੀ ਖੂਬਸੂਰਤੀ ਦਾ ਲੁਤਫ ਉਠਾਉਣ ਲਈ ਇੱਥੇ ਖਾਸਤੌਰ ਤੇ ਅਜਿਹੇ ਹੋਟਲ ਬਣਾਏ ਗਏ ਹਨ, ਜਿੱਥੋਂ 'ਤਾਜਮਹਿਲ' ਦਾ ਨਜਾਰਾ ਲਿਆ ਜਾ ਸਕਦਾ ਹੈ। ਵੈਸੇ ਇਹਨਾਂ ਹੋਟਲਾਂ ਵਿੱਚ ਰੁਕਣ ਲਈ ਤੁਹਾਨੂੰ ਜਿਆਦਾ ਖਰਚ ਉਠਾਉਣਾ ਪੈ ਸਕਦਾ ਹੈ, ਜੇਕਰ ਤੁਸੀਂ ਇਸ ਅਦਭੁੱਤ ਦ੍ਰਿਸ਼ ਨੂੰ ਦੇਖਣ ਲਈ ਉਤਸੁਕ ਹੋ ਤਾਂ ਇਸਦੇ ਲਈ ਤਿਆਰ ਰਹੋ। ਵੈਸੇ 'ਤਾਜਮਹਿਲ' ਤੋਂ 2 ਕਿਲੋਮੀਟਰ ਦੀ ਦੂਰੀ ਦੇ ਅੰਦਰ ਤੁਹਾਨੂੰ ਘੱਟ ਕੀਮਤ ਤੇ ਵੀ ਕਮਰੇ ਉਪਲਬਧ ਹੋ ਜਾਣਗੇ, ਜਿੱਥੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਇੱਥੇ ਘੁੰਮਣ ਦਾ ਆਨੰਦ ਲੈ ਸਕਦੇ ਹੋ। ਇੱਥੇ ਇੱਕ ਰਾਤ ਦੇ ਰੁਕਣ ਦਾ ਘੱਟ ਤੋਂ ਘੱਟ ਖਰਚ 1500 ਰੁਪਏ ਹੈ।
ਹੋਰ ਆਕਰਸ਼ਣ : ਜਿਸ ਸ਼ਹਿਰ ਵਿੱਚ ਤਾਜਮਹਿਲ ਦੀ ਖੂਬਸੂਰਤੀ ਹੋਵੇ, ਉੱਥੇ ਭਲਾ ਉਤਸਵਾਂ ਦਾ ਮਾਹੌਲ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ। ਇੱਥੇ ਹਰ ਸਾਲ ਸੈਲਾਨੀ ਵਿਭਾਗ ਵੱਲੋਂ 'ਤਾਜ ਮਹਾਉਤਸਵ' ਦਾ ਆਯੋਜਨ ਕੀਤਾ ਜਾਂਦਾ ਹੈ। ਇਹ ਮਹਾਉਤਸਵ ਸ਼ਿਲਪਗ੍ਰਾਮ ਵਿੱਚ ਆਯੋਜਿਤ ਹੁੰਦਾ ਹੈ, ਜੋ ਤਾਜਮਹਿਲ ਦਾ ਅਗਲਾ ਦਰਵਾਜਾ ਹੈ। ਇਸ ਦੌਰਾਨ ਇੱਥੇ ਸੰਗੀਤ ਅਤੇ ਲਾਈਟਿੰਗ ਦੇ ਅਦਭੁੱਤ ਪ੍ਰੋਗਰਾਮ ਦੇਖਣ ਨੂੰ ਮਿਲਦੇ ਹਨ। ਮੁੱਖ ਰੂਪ ਨਾਲ ਇਹ ਮਹਾਉਤਸਵ ਉਹਨਾਂ ਕਾਰੀਗਰਾਂ ਅਤੇ ਕਲਾਕਾਰਾਂ ਨੂੰ ਇੱਕ ਸ਼ਰਧਾਂਜਲੀ ਵੀ ਹੈ, ਜਿਹਨਾਂ ਨੇ 'ਤਾਜਮਹਿਲ' ਜਿਹੀ ਖੂਬਸੂਰਤ ਇਮਾਰਤ ਨੂੰ ਤਿਆਰ ਕਰਨ ਵਿੱਚ ਆਪਣਾ ਯੋਗਦਾਨ ਦਿੱਤਾ ਸੀ।
|