ਹਿਮਾਚਲ...ਸੁੰਦਰਤਾ ਦਾ ਅਦਭੁੱਤ ਸੰਸਾਰ ਹੈ। ਪਰਬਤਰਾਜ ਹਿਮਾਚਲ ਜੇਕਰ ਭਾਰਤ ਦਾ ਮੁਕੁਟ ਹੈ ਤਾਂ ਹਿਮਾਚਲ ਉਸ ਮੁਕੁਟ ਵਿੱਚ ਲੱਗਿਆ ਸਭ ਤੋਂ ਦੁਰਲੱਭ ਨਗੀਨਾ। ਅਤੇ ਇਸ ਨਗੀਨੇ ਦੀ ਚਮਕ ਸਿਮਟੀ ਹੈ ਸ਼ਿਮਲਾ ਵਿੱਚ। ਪਹਾੜਾਂ ਦਾ ਰਾਜਾ ਸ਼ਿਮਲਾ ਪ੍ਰਾਕ੍ਰਿਤਿਕ ਸੁੰਦਰਤਾ ਨਾਲ ਭਰਿਆ ਹੋਇਆ ਹੈ। ਅੰਗਰੇਜਾਂ ਦੇ ਸ਼ਾਸਨਕਾਲ ਵਿੱਚ ਸ਼ਿਮਲਾ ਨੂੰ ਭਾਰਤ ਦੀ ਗਰਮੀ ਦੀ ਰੁੱਤ ਦੀ ਰਾਜਧਾਨੀ ਦਾ ਦਰਜਾ ਦਿੱਤਾ ਗਿਆ ਸੀ। ਸ਼ਿਮਲਾ ਦੀਆਂ ਸੁਰਮਈ ਵਾਦੀਆਂ ਵਿੱਚ ਆ ਕੇ ਗੋਰੇ ਸੂਰਜ ਦੀ ਤਪਸ਼ ਤੋਂ ਰਾਹਤ ਮਹਿਸੂਸ ਕਰਦੇ ਸਨ।
ਆਜਾਦੀ ਦੇ ਬਾਅਦ ਸ਼ਿਮਲਾ ਨੂੰ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਘੋਸ਼ਿਤ ਕੀਤਾ ਗਿਆ, ਪਰ ਸ਼ਿਮਲਾ ਦਾ ਮਹੱਤਵ ਘੱਟ ਨਹੀਂ ਹੋਇਆ। ਅੱਜ ਵੀ ਤਪਸ਼ ਤੋਂ ਰਾਹਤ ਦੀ ਤਲਾਸ਼ ਵਿੱਚ ਸੈਲਾਨੀ ਹਰ ਸਾਲ ਸ਼ਿਮਲਾ ਹੀ ਆਉਂਦੇ ਹਨ। ਦੇਵਦਾਰ, ਚੀੜ ਅਤੇ ਓਕ ਦੇ ਦਰੱਖਤਾਂ ਨਾਲ ਭਰੀਆਂ ਸ਼ਿਮਲਾ ਦੀਆਂ ਹਸੀਨ ਵਾਦੀਆਂ ਸਾਲ ਭਰ ਸੈਲਾਨੀਆਂ ਨੂੰ ਸੱਦਾ ਦਿੰਦੀਆਂ ਨਜ਼ਰ ਆਉਂਦੀਆਂ ਹਨ। ਬਾਰਿਸ਼ ਅਤੇ ਭਾਰੀ ਬਰਫ਼ਬਾਰੀ ਦੇ ਦਿਨਾਂ ਨੂੰ ਛੱਡ ਦਈਏ ਤਾਂ ਸਾਲ ਭਰ ਇੱਥੇ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ।
ਸ਼ਿਮਲਾ ਦੀ ਸੈਰ- ਜਾਖੂ ਹਿਲ - ਸ਼ਿਮਲਾ ਤੋਂ ਕੇਵਲ ਦੋ ਕਿਲੋਮੀਟਰ ਦੂਰ ਜਾਖੂ ਹਿਲ ਸ਼ਿਮਲਾ ਦੀ ਸਭ ਤੋਂ ਉੱਚੀ ਚੋਟੀ ਹੈ। ਇੱਥੋਂ ਸ਼ਿਮਲਾ ਦੀਆਂ ਖੂਬਸੂਰਤ ਵਾਦੀਆਂ ਨੂੰ ਦੇਖਣਾ ਆਪਣੇ ਆਪ ਵਿੱਚ ਬੇਜੋੜ ਅਨੁਭਵ ਹੈ। ਜਾਖੂ ਹਿਲ ਤੋਂ ਇੱਕ ਪਾਸੇ ਤੁਸੀਂ ਹਿਮਾਚਲ ਦੀਆਂ ਵਾਦੀਆਂ ਵਿੱਚ ਵਸੇ ਸ਼ਿਮਲਾ ਸ਼ਹਿਰ ਦੀਆਂ ਇਮਾਰਤਾਂ ਦੇਖ ਸਕਦੇ ਹੋ ਤਾਂ ਦੂਜੇ ਪਾਸੇ ਪਰਬਤਰਾਜ ਹਿਮਾਚਲ ਦੀਆਂ ਸ਼ੁਭ ਸ਼੍ਰੇਣੀਆਂ ਦੀ ਖੂਬਸੂਰਤੀ ਦੇਖ ਸਕਦੇ ਹੋ। ਇੱਥੇ ਪਰਬਤ ਦੀ ਸਭ ਤੋਂ ਉੱਚੀ ਚੋਟੀ ਤੇ ਇੱਕ ਪ੍ਰਾਚੀਨ ਮੰਦਿਰ ਵੀ ਬਣਿਆ ਹੈ। ਹਨੂੰਮਾਨ ਜੀ ਦੇ ਇਸ ਮੰਦਿਰ ਦੇ ਬਾਹਰ ਬਾਂਦਰ ਦਾ ਦਿਸ ਜਾਣਾ ਕਾਫੀ ਸ਼ੁਭ ਮੰਨਿਆ ਜਾਂਦਾ ਹੈ।
ਕੁਫਰੀ - ਸ਼ਿਮਲਾ ਤੋਂ ਲਗਭਗ 16 ਕਿਲੋਮੀਟਰ ਦੂਰ ਕੁਫਰੀ ਦੀਆਂ ਬਰਫੀਲੀਆਂ ਵਾਦੀਆਂ ਖੂਬਸੂਰਤ ਦਰਸ਼ਨੀ ਸਥਾਨ ਹਨ। ਇੱਥੋਂ ਦੇ ਪ੍ਰਾਕ੍ਰਿਤਿਕ ਨਜਾਰੇ ਸੈਲਾਨੀਆਂ ਨੂੰ ਆਪਣੇ ਆਪ ਹੀ ਆਪਣੇ ਵੱਲ ਖਿੱਚਦੇ ਹਨ। ਸਰਦੀਆਂ ਵਿੱਚ ਇੱਥੇ ਅਕਸਰ ਬਰਫਬਾਰੀ ਹੁੰਦੀ ਹੈ। ਇੱਥੇ ਇੱਕ ਚੀਨੀ ਬੰਗਲਾ ਵੀ ਹੈ ਜੋ ਕਾਫੀ ਪ੍ਰਸਿੱਧ ਹੈ। ਸਰਦੀਆਂ ਵਿੱਚ ਇੱਥੇ ਸਕੀਇੰਗ ਵੀ ਕਰਵਾਈ ਜਾਂਦੀ ਹੈ। ਤੁਸੀਂ ਖਿਡਾਰੀ ਹੋ ਜਾਂ ਅਨਾੜੀ, ਇੱਥੇ ਆ ਕੇ ਸਕੀਇੰਗ ਤੇ ਹੱਥ ਜਰੂਰ ਅਜਮਾਉ। ਇੱਥੇ ਉਚਾਈ ਤੇ ਜਾਣ ਨਾਲ ਤੁਸੀਂ ਸੇਬ ਦੇ ਬਾਗਾਂ ਨੂੰ ਦੇਖ ਸਕਦੇ ਹੋ। ਉਚਾਈ ਤੇ ਜਾਣ ਲਈ ਘੋੜੇ ਅਤੇ ਪਿੱਠੂ ਉਪਲਬਧ ਰਹਿੰਦੇ ਹਨ। ਇਸਦੇ ਨਾਲ ਤੁਸੀਂ ਚਾਹੋ ਤਾਂ ਝਬਰੀਲੇ ਯਾਕ ਦੀ ਸਵਾਰੀ ਦਾ ਆਨੰਦ ਵੀ ਲੈ ਸਕਦੇ ਹੋ।
ਪ੍ਰਾਸਪੈਕਟ ਹਿਲ - ਸ਼ਿਮਲਾ ਤੋਂ ਲਗਭਗ ਪੰਜ ਕਿਲੋਮੀਟਰ ਦੂਰ ਹੈ ਪ੍ਰਾਸਪੈਕਟ ਹਿਲ। ਇਸ ਪਰਬਤ ਤੋਂ ਸ਼ਿਮਲਾ, ਸੋਲਨ, ਤਾਰਾਦੇਵੀ, ਜਗੋਤ ਅਤੇ ਸਮਰ ਹਿਲ ਦੇ ਖੂਬਸੂਰਤ ਨਜ਼ਾਰੇ ਦੇਖੇ ਜਾ ਸਕਦੇ ਹਨ। ਇਹ ਬਹੁਤ ਹੀ ਵਧੀਆ ਅਨੁਭਵ ਹੈ।
ਮਾਲ ਰੋੜ - ਪ੍ਰਾਕ੍ਰਿਤਿਕ ਨਜ਼ਾਰਿਆਂ ਨਾਲ ਭਰਪੂਰ ਸ਼ਿਮਲਾ ਦੀ ਮਾਲ ਰੋੜ ਵਿੱਚ ਚਹਲਕਦਮੀ ਕਰਨਾ ਇੱਕ ਖੂਬਸੂਰਤ ਅਨੁਭਵ ਹੈ। ਮਾਲ ਰੋੜ ਸ਼ਾਪਿੰਗ ਦਾ ਖਜਾਨਾ ਹੈ। ਸ਼ਿਮਲਾ ਆਉਣ ਵਾਲੇ ਸੈਲਾਨੀ ਮਾਲ ਰੋੜ ਤੋਂ ਖਰੀਦਦਾਰੀ ਕਰਨ ਅਤੇ ਇੱਥੇ ਤਫਰੀ ਕਰਨ ਦਾ ਆਨੰਦ ਛੱਡ ਨਹੀਂ ਸਕਦੇ। ਮਾਲ ਰੋੜ ਦੇ ਖੂਬਸੂਰਤ ਦ੍ਰਿਸ਼ਾਂ ਨੂੰ ਅਨੇਕ ਫਿਲਮਾਂ ਵਿੱਚ ਫਿਲਮਾਇਆ ਗਿਆ ਹੈ।
ਨਾਲਦੇਹਰਾ - ਜੇਕਰ ਤੁਸੀਂ ਗੋਲਫ ਦੇ ਸ਼ੌਕੀਨ ਹੋ ਜਾਂ ਖੇਡ ਦੇ ਬਾਰੇ ਵਿੱਚ ਜਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਸ਼ਿਮਲਾ ਤੋਂ 20-22 ਕਿਲੋਮੀਟਰ ਦੂਰ ਨਾਲਦੇਹਰਾ ਜਰੂਰ ਜਾਉ। ਇਸ ਮੈਦਾਨ ਨੂੰ ਭਾਰਤ ਦੇ ਸਭ ਤੋਂ ਪੁਰਾਣੇ ਛੇਦ ਵਾਲੇ ਗੋਲਫ ਮੈਦਾਨ ਦਾ ਦਰਜਾ ਪ੍ਰਾਪਤ ਹੈ।
ਚੈਲ- ਪ੍ਰਕ੍ਰਿਤਿਕ ਸੁੰਦਰਤਾ ਨਾਲ ਭਰੇ ਚੈਲ ਨੂੰ ਭਾਰਤ ਦੇ ਸਭ ਤੋਂ ਉੱਚੇ ਕ੍ਰਿਕੇਟ ਮੈਦਾਨ ਹੋਣ ਦਾ ਗੌਰਵ ਪ੍ਰਾਪਤ ਹੈ। ਕ੍ਰਿਕੇਟਪ੍ਰੇਮੀਆਂ ਨੂੰ ਇੱਕ ਵਾਰ ਇੱਥੇ ਜਰੂਰ ਆਉਣਾ ਚਾਹੀਦਾ ਹੈ।
ਕਦੋਂ ਜਾਉ- ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਹੈ ਕਿ ਸ਼ਿਮਲਾ ਦੀਆਂ ਹਸੀਨ ਵਾਦੀਆਂ ਸਾਲ ਭਰ ਸੈਲਾਨੀਆਂ ਦਾ ਸਵਾਗਤ ਕਰਦੀਆਂ ਹਨ। ਇੱਥੇ ਪੂਰਾ ਸਾਲ ਕਿਸੇ ਵੀ ਮੌਸਮ ਵਿੱਚ ਜਾਇਆ ਜਾ ਸਕਦਾ ਹੈ। ਕੇਵਲ ਬਰਫ਼ਬਾਰੀ ਦੇ ਮੌਸਮ ਦੇ ਸਮੇਂ ਸੜਕ ਬੰਦ ਹੋਣ ਦੀ ਸਥਿਤੀ ਵਿੱਚ ਹੀ ਸੈਲਾਨੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਸ਼ਿਮਲਾ ਜਾਣ ਦੀ ਤਿਆਰੀ ਕਰੋ ਤਾਂ ਪਹਿਲਾਂ ਸ਼ਿਮਲਾ ਅਤੇ ਹਿਮਾਚਲ ਦੇ ਮੌਸਮ ਦੇ ਵਾਰੇ ਵਿੱਚ ਜਰੂਰ ਪਤਾ ਕਰ ਲਉ।
ਕਿਵੇਂ ਜਾਈਏ - ਕਾਲਕਾ, ਚੰਡੀਗੜ, ਦਿੱਲੀ, ਅੰਮ੍ਰਿਤਸਰ, ਜੰਮੂ ਅਤੇ ਪੰਜਾਬ ਸ਼ਹਿਰ ਤੋਂ ਸ਼ਿਮਲਾ ਲਈ ਨਿਯਮਿਤ ਰੂਪ ਨਾਲ ਬੱਸ ਸੇਵਾ ਉਪਲਬਧ ਹੈ। ਇਸਦੇ ਇਲਾਵਾ ਤੁਸੀਂ ਇੱਥੋਂ ਟੈਕਸੀ ਵੀ ਕਿਰਾਏ ਤੇ ਲੈ ਸਕਦੇ ਹੋ। ਜੇਕਰ ਆਪਨਾ ਵਾਹਨ ਲੈ ਜਾ ਰਹੇ ਹੋ ਤਾਂ ਕੁਫਰੀ ਅਤੇ ਉੱਚੀਆਂ ਪਹਾੜੀਆਂ ਤੇ ਜਿਆਦਾ ਸਾਵਧਾਨੀ ਵਰਤੋ।
ਰੇਲਮਾਰਗ - ਜੇਕਰ ਤੁਸੀਂ ਸ਼ਿਮਲਾ ਆ ਰਹੇ ਹੋ ਤਾਂ ਕਾਲਕਾ ਤੋਂ ਟੁਆਏਟ੍ਰੇਨ ਲੈਣਾ ਨਾ ਭੁੱਲਣਾ। ਕਾਲਕਾ ਤੋਂ ਸ਼ਿਮਲਾ ਦਾ ਸਫਰ 95 ਕਿਲੋਮੀਟਰ ਤੱਕ ਦਾ ਹੈ। ਇਸ ਸਫਰ ਨੂੰ ਤੈਅ ਕਰਨ ਵਿੱਚ ਛੇ ਘੰਟੇ ਲੱਗਦੇ ਹਨ, ਪਰ ਹਸੀਨ ਵਾਦੀਆਂ ਦੇ ਵਿਚਕਾਰੋਂ ਛੁਕ-ਛੁਕ ਕਰਕੇ ਗੁਜਰਦੀ ਰੇਲ ਅਤੇ ਬੇਹਤਰੀਨ ਸਫਰ ਦੀ ਯਾਦ ਸਾਰੀ ਉਮਰ ਤੁਹਾਡੇ ਦਿਮਾਗ ਵਿੱਚ ਜਿਉਂਦੀ ਰਹੇਗੀ।
ਹਵਾਈਮਾਰਗ- ਕਿਉਂਕਿ ਸ਼ਿਮਲਾ ਹਿਮਾਚਲ ਦੀ ਰਾਜਧਾਨੀ ਹੈ. ਇਸ ਲਈ ਹਰ ਪ੍ਰਮੁੱਖ ਸ਼ਹਿਰ ਤੋਂ ਇੱਥੋਂ ਲਈ ਹਵਾਈ ਸੇਵਾ ਉਪਲਬਧ ਹੈ।
ਕਿੱਥੇ ਰੁਕੀਏ - ਸ਼ਿਮਲਾ ਵਿੱਚ ਤੁਹਾਡੀ ਜੇਬ ਦੇ ਹਿਸਾਬ ਨਾਲ ਠਹਿਰਣ ਦੀਆਂ ਸੁਵਿਧਾਵਾਂ ਉਪਲਬਧ ਹਨ। ਤੁਸੀਂ ਚਾਹੋ ਤਾਂ ਮਹਿੰਗੇ ਵਿਲਾਸਿਤਾ ਨਾਲ ਭਰਪੂਰ ਪੰਜ ਸਿਤਾਰਾ ਹੋਟਲ ਚੁਣੋ ਜਾਂ ਫਿਰ ਗੈਸਟ ਹਾਊਸ, ਇਹ ਤੁਹਾਡੀ ਪਸੰਦ ਅਤੇ ਜੇਬ ਤੇ ਨਿਰਭਰ ਕਰਦਾ ਹੈ, ਪਰ ਇਸ ਗੱਲ ਦਾ ਧਿਆਨ ਜਰੂਰ ਰੱਖੋ ਕਿ ਪੀਕ ਸੀਜਨ ਦੇ ਸਮੇਂ ਇੱਥੇ ਪਹਿਲਾਂ ਤੋਂ ਬੁਕਿੰਗ ਕਰਵਾ ਲਉ, ਨਹੀਂ ਤਾਂ ਤੁਹਾਨੂੰ ਮੁਸ਼ਕਿਲ ਹੋ ਸਕਦੀ ਹੈ। |