ਨਿਰਮਾਤਾ : ਬੀ.ਆਰ. ਚੋਪੜਾ - ਰਵੀ ਚੋਪੜਾ ਨਿਰਦੇਸ਼ਕ : ਵਿਵੇਕ ਸ਼ਰਮਾ ਸੰਗੀਤ : ਵਿਸ਼ਾਲ ਸ਼ੇਖਰ ਕਲਾਕਾਰ : ਅਮਿਤਾਭ ਬੱਚਨ, ਅਮਨ ਸਿੱਦਕੀ, ਜੂਹੀ ਚਾਵਲਾ, ਸ਼ਾਹਰੁਖ ਖਾਨ, ਸਤੀਸ਼ ਸ਼ਾਹ, ਰਾਜਪਾਲ ਯਾਦਵ, ਪ੍ਰਿਆਂਸ਼ੂ ਚਟਰਜੀ ਰੇਟਿੰਗ : 3/5
ਭੂਤ-ਪ੍ਰੇਤ ਦੀਆਂ ਫਿਲਮਾਂ ਵਿੱਚ ਜਰੂਰੀ ਹੁੰਦੀ ਹੈ ਸੁੰਨਸਾਨ ਥਾਂ ਤੇ ਇੱਕ ਬਹੁਤ ਹੀ ਵੱਡੀ ਹਵੇਲੀ। 'ਭੂਤਨਾਥ' ਵਿੱਚ ਵੀ ਇਸੇ ਤਰ੍ਹਾਂ ਦੀ ਹਵੇਲੀ ਹੈ, ਜਿਸ ਵਿੱਚ ਇੱਕ ਮਾਂ ਆਪਣੇ ਸੱਤ ਸਾਲ ਦੇ ਬੇਟੇ ਨਾਲ ਰਹਿੰਦੀ ਹੈ। ਹਵੇਲੀ ਵਿੱਚ ਇੱਕ ਭੂਤ ਵੀ ਰਹਿੰਦਾ ਹੈ।
ਇਸ ਫਿਲਮ ਦਾ 'ਭੂਤਨਾਥ' ਆਮ ਭੂਤ-ਪ੍ਰੇਤਾਂ ਤੇ ਬਣਨ ਵਾਲੀਆਂ ਫਿਲਮਾਂ ਦੀ ਤਰ੍ਹਾਂ ਹੈ, ਪਰ ਜੋ ਗੱਲ ਇਸ ਫਿਲਮ ਨੂੰ ਹੋਰ ਫਿਲਮਾਂ ਤੋਂ ਅਲੱਗ ਕਰਦੀ ਹੈ ਉਹ ਇਹ ਹੈ ਕਿ ਇਸ ਫਿਲਮ ਦਾ ਭੂਤ ਡਰਾਉਣ ਵਾਲਾ ਨਹੀਂ ਹੈ। ਉਸ ਵਿੱਚ ਮਾਨਵੀ ਭਾਵਨਾਵਾਂ ਹਨ। ਉਸਦਾ ਵੀ ਦਿਲ ਹੈ, ਜਿਸ ਦੇ ਰਾਹੀਂ ਉਹ ਖੁਸ਼ੀ ਅਤੇ ਗਮ ਨੂੰ ਮਹਿਸੂਸ ਕਰਦਾ ਹੈ।
'ਭੂਤਨਾਥ' ਦੀ ਕਹਾਣੀ ਕਾਲਪਨਿਕ, ਸਰਲ ਅਤੇ ਸਿੱਧੀ ਹੈ। ਜਿਆਦਾ ਉਤਾਰ-ਚੜਾਅ ਨਹੀਂ ਹੈ। ਪਰ ਇਸ ਕਹਾਣੀ ਨੂੰ ਨਿਰਦੇਸ਼ਕ ਵਿਵੇਕ ਸ਼ਰਮਾ ਨੇ ਪਰਦੇ ਤੇ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਹੈ, ਜਿਸ ਨਾਲ ਇੱਕ ਸਧਾਰਨ ਕਹਾਣੀ ਦਾ ਸਤਰ ਉੱਚਾ ਉੱਠ ਗਿਆ ਹੈ।
ਬੰਕੂ (ਅਮਨ ਸਿੱਦਕੀ) ਦੇ ਪਰਿਵਾਰ ਵਿੱਚ ਪਾਪਾ (ਸ਼ਾਹਰੁਖ ਖਾਨ) ਅਤੇ ਮੰਮੀ (ਜੂਹੀ ਚਾਵਲਾ) ਹਨ। ਗੋਆ ਵਿੱਚ ਉਹਨਾਂ ਨੂੰ ਕੰਪਨੀ ਵੱਲੋਂ ਕੈਲਾਸ਼ਨਾਥ ਦੀ ਹਵੇਲੀ ਵਿੱਚ ਰਹਿਣ ਦਾ ਮੌਕਾ ਮਿਲਦਾ ਹੈ। ਇਸ ਹਵੇਲੀ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਇਸ ਵਿੱਚ ਭੂਤ ਰਹਿੰਦਾ ਹੈ।
ਕੈਲਾਸ਼ਨਾਥ ਭੂਤ ਬਣ ਚੁੱਕਿਆ ਹੈ ਅਤੇ ਉਸ ਨੂੰ ਆਪਣੇ ਘਰ ਵਿੱਚ ਕਿਸੇ ਦਾ ਰਹਿਣਾ ਪਸੰਦ ਨਹੀਂ ਹੈ। ਉਹ ਬੰਕੂ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਬੰਕੂ ਤੇ ਇਸਦਾ ਕੋਈ ਅਸਰ ਨਹੀਂ ਹੁੰਦਾ। ਬੰਕੂ ਉਸ ਨੂੰ ਭੂਤਨਾਥ ਨਾਮ ਨਾਲ ਪੁਕਾਰਣ ਲੱਗਦਾ ਹੈ ਅਤੇ ਦੋਨਾਂ ਦੀ ਦੋਸਤੀ ਹੋ ਜਾਂਦੀ ਹੈ।
ਉਹ ਇਕੱਠੇ ਮਿਲ ਕੇ ਖੂਬ ਮੌਜ-ਮਸਤੀ ਕਰਦੇ ਹਨ। ਭੂਤਨਾਥ ਸਿਰਫ ਬੰਕੂ ਨੂੰ ਦਿਖਾਈ ਦਿੰਦਾ ਹੈ। ਇੱਕ ਦਿਨ ਕੈਲਾਸ਼ਨਾਥ ਦਾ ਬੇਟਾ ਅਮਰੀਕਾ ਤੋਂ ਆ ਕੇ ਹਵੇਲੀ ਨੂੰ ਵੇਚਣ ਦੀ ਕੋਸ਼ਿਸ਼ ਕਰਦਾ ਹੈ। ਇੱਥੋਂ ਕਹਾਣੀ ਘੁੰਮ ਜਾਂਦੀ ਹੈ।
ਨਿਰਦੇਸ਼ਕ ਨੇ ਛੋਟੀਆਂ-ਛੋਟੀਆਂ ਘਟਨਾਵਾਂ ਰਾਹੀਂ ਕਈ ਸੰਦੇਸ਼ ਦਿੱਤੇ ਹਨ। ਸਪੋਰਟਸ-ਡੇ ਦੇ ਦਿਨ ਬੰਕੂ ਖੇਡ ਦੇ ਮੈਦਾਨ ਵਿੱਚ ਲਗਾਤਾਰ ਹਾਰਦਾ ਰਹਿੰਦਾ ਹੈ। ਉਹ ਚਾਹੁੰਦਾ ਹੈ ਕਿ ਭੂਤਨਾਥ ਚਮਤਕਾਰ ਦਿਖਾ ਦਏ ਅਤੇ ਉਹ ਜਿੱਤ ਜਾਵੇ।
ਕੀੜੀ ਦਾ ਉਦਾਹਰਨ ਦਿੰਦੇ ਹੋਏ ਭੂਤਨਾਥ ਉਸ ਨੂੰ ਕਹਿੰਦਾ ਹੈ ਕਿ ਚਮਤਕਾਰ ਜਿਹੀ ਕੋਈ ਚੀਜ਼ ਨਹੀਂ ਹੁੰਦੀ, ਸਿਰਫ ਸਖਤ ਮਿਹਨਤ ਨਾਲ ਹੀ ਸਫਲਤਾ ਹਾਸਿਲ ਕਰੀ ਜਾ ਸਕਦੀ ਹੈ। ਦੂਜਿਆਂ ਲਈ ਖੂਹ ਪੁੱਟਣ ਵਾਲਾ ਖੁਦ ਖੂਹ ਵਿੱਚ ਡਿੱਗਦਾ ਹੈ ਅਤੇ ਮਾਫੀ ਦੇ ਮਹੱਤਵ ਨੂੰ ਵੀ ਫਿਲਮ ਵਿੱਚ ਦਰਸਾਇਆ ਗਿਆ ਹੈ।
ਨਵੀਂ ਪੀੜੀ ਆਪਣੇ ਕਰਿਅਰ ਨੂੰ ਹੱਦ ਤੋਂ ਜਿਆਦਾ ਮਹੱਤਵ ਦਿੰਦੀ ਹੈ ਅਤੇ ਕਰਿਅਰ ਦੇ ਕਰਕੇ ਆਪਣੇ ਮਾਤਾ-ਪਿਤਾ ਦੀ ਵੀ ਪਰਵਾਹ ਨਹੀਂ ਕਰਦੀ ਹੈ। ਇਸ ਤੱਥ ਨੂੰ ਵੀ 'ਭੂਤਨਾਥ' ਵਿੱਚ ਰੇਖਾਂਕਿਤ ਕੀਤਾ ਗਿਆ ਹੈ।
ਜਦੋਂ ਕੈਲਾਸ਼ਨਾਥ ਦਾ ਬੇਟਾ ਕਰਿਅਰ ਲਈ ਆਪਣੇ ਪਿਤਾ ਦੀ ਮਰਜੀ ਦੇ ਵਿਰੁੱਧ ਅਮਰੀਕਾ ਜਾਣ ਦਾ ਨਿਰਣਾ ਲੈਂਦਾ ਹੈ ਤਾਂ ਕੈਲਾਸ਼ਨਾਥ ਇਸ ਨੂੰ ਆਪਣੀ ਗਲਤੀ ਮੰਨਦੇ ਹਨ ਕਿ ਉਹਨਾਂ ਦੀ ਪਰਵਰਿਸ਼ ਵਿੱਚ ਕੋਈ ਗਲਤੀ ਰਹਿ ਗਈ ਹੈ। ਇਸ ਸੀਨ ਦੇ ਰਾਹੀਂ ਦੋ ਪੀੜੀਆਂ ਦੀ ਸੋਚ ਦੇ ਅੰਤਰ ਨੂੰ ਦਿਖਾਇਆ ਗਿਆ ਹੈ।
ਨਿਰਦੇਸ਼ਕ ਵਿਵੇਕ ਸ਼ਰਮਾ ਦੀ ਫਿਲਮ ਦੇ ਮੱਧ ਦੇ ਚੰਗੀ ਪਕੜ ਹੈ। ਫਿਲਮ ਦੇਖ ਕੇ ਮਹਿਸੂਸ ਨਹੀਂ ਹੁੰਦਾ ਕਿ ਇਹ ਉਹਨਾਂ ਦੀ ਪਹਿਲੀ ਫਿਲਮ ਹੈ। ਉਹਨਾਂ ਨੇ ਫਿਲਮ ਇਸ ਤਰ੍ਹਾਂ ਬਣਾਈ ਹੈ ਕਿ ਦਰਸ਼ਕ ਫਿਲਮ ਵਿੱਚ ਗੁਆਚ ਜਾਂਦਾ ਹੈ। ਫਿਲਮ ਵਿੱਚ ਪਾਤਰ ਬਹੁਤ ਘੱਟ ਹਨ, ਪਰ ਇਸਦੇ ਬਾਵਜੂਦ ਬੋਰੀਅਤ ਨਹੀਂ ਆਉਂਦੀ ਹੈ।
ਕੁਝ ਕਮੀਆਂ ਵੀ ਹਨ। ਮੱਧ ਭਾਗ ਤੋਂ ਪਹਿਲਾਂ ਵਾਲਾ ਭਾਗ ਬਹੁਤ ਮਨੋਰੰਜਕ ਹੈ। ਪਰ ਬਾਅਦ ਵਿੱਚ ਗੰਭੀਰਤਾ ਆ ਜਾਂਦੀ ਹੈ ਅਤੇ ਇਸ ਹਿੱਸੇ ਵਿੱਚ ਬੱਚਿਆਂ ਦੀ ਬਜਾਏ ਵੱਡਿਆਂ ਦਾ ਧਿਆਨ ਰੱਖਿਆ ਗਿਆ ਹੈ। ਇਸ ਭਾਗ ਵਿੱਚ ਵੀ ਹਲਕੇ-ਫੁਲਕੇ ਸੀਨਾਂ ਦਾ ਸਮਾਵੇਸ਼ ਕੀਤਾ ਜਾਣਾ ਸੀ।
ਫਿਲਮ ਦਾ ਅੰਤ ਵੀ ਅਜਿਹਾ ਨਹੀਂ ਹੈ ਜੋ ਸਾਰੇ ਦਰਸ਼ਕਾਂ ਨੂੰ ਸੰਤੁਸ਼ਟ ਕਰ ਸਕੇ। ਫਿਲਮ ਦਾ ਆਖਰੀ ਘੰਟਾ ਥੋੜਾ ਲੰਬਾ ਹੈ। ਕੁਝ ਗੀਤ ਅਤੇ ਸੀਨ ਘੱਟ ਕਰ ਕੇ ਇਸ ਨੂੰ ਛੋਟਾ ਕੀਤਾ ਜਾ ਸਕਦਾ ਹੈ। ਫਿਲਮ ਦਾ ਸੰਗੀਤ ਔਸਤ ਕਿਸਮ ਦਾ ਹੈ। ਜਾਵੇਦ ਅਖਤਰ ਨੇ ਅਰਥਪੂਰਨ ਗੀਤ ਲਿਖੇ ਹਨ, ਪਰ ਵਿਸ਼ਾਲ ਸ਼ੇਖਰ ਚੰਗੀ ਧੁਨ ਨਹੀਂ ਬਣਾ ਸਕੇ। 'ਛੋੜੋ ਵੀ ਜਾਨੇ ਦੋ' ਫਿਲਮ ਦਾ ਵਧੀਆ ਗਾਣਾ ਹੈ।
ਅਮਿਤਾਭ ਬੱਚਨ ਨੇ ਫਿਲਮ ਦਾ ਕੇਂਦਰੀ ਪਾਤਰ ਨਿਭਾਇਆ ਹੈ ਅਤੇ ਇੱਕ ਵਾਰ ਫਿਰ ਉਹਨਾਂ ਨੇ ਦਿਖਾਇਆ ਹੈ ਕਿ ਉਹਨਾਂ ਦੀ ਅਭਿਨੇ ਪ੍ਰਤਿਭਾ ਨੂੰ ਸੀਮਾਵਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਅਮਨ ਸਿੱਦਕੀ ਨੇ ਅਮਿਤਾਭ ਨੂੰ ਕੜੀ ਟੱਕਰ ਦਿੱਤੀ ਹੈ। ਉਹਨਾਂ ਦਾ ਅਭਿਨੇ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ।
ਸ਼ਾਹਰੁਖ ਖਾਨ ਦੀ ਭੂਮਿਕਾ ਪ੍ਰਭਾਵਸ਼ਾਲੀ ਤਾਂ ਨਹੀਂ ਹੈ, ਪਰ ਪੂਰੀ ਫਿਲਮ ਵਿੱਚ ਉਹ ਵਿੱਚ-ਵਿੱਚ ਆਉਂਦੇ ਰਹਿੰਦੇ ਹਨ। ਜੂਹੀ ਚਾਵਲਾ ਨੇ ਬਹੁਤ ਅਸਾਨੀ ਨਾਲ ਆਪਣੇ ਕਿਰਦਾਰ ਨੂੰ ਨਿਭਾਇਆ। ਪ੍ਰਿੰਸੀਪਲ ਬਣੇ ਸਤੀਸ਼ ਸ਼ਾਹ ਬੱਚਿਆਂ ਨੂੰ ਬਹੁਤ ਹਸਾਉਂਦੇ ਹਨ। ਰਾਜਪਾਲ ਯਾਦਵ ਨੂੰ ਜਿਆਦਾ ਅਵਸਰ ਨਹੀਂ ਮਿਲੇ।
ਕੁੱਲ ਮਿਲਾ ਕੇ 'ਭੂਤਨਾਥ' ਇੱਕ ਸਾਫ-ਸੁਥਰੀ ਅਤੇ ਮਨੋਰੰਜਕ ਫਿਲਮ ਹੈ। ਵੱਡੇ ਵੀ ਜੇਕਰ ਬੱਚੇ ਬਣ ਕੇ ਇਸ ਫਿਲਮ ਨੂੰ ਦੇਖਣ ਤਾਂ ਉਹਨਾਂ ਨੂੰ ਵੀ ਇਹ ਫਿਲਮ ਪਸੰਦ ਆ ਸਕਦੀ ਹੈ।
|