ਨਿਰਮਾਤਾ : ਭਵਰਲਾਲ ਸ਼ਰਮਾ ਨਿਰਦੇਸ਼ਕ : ਅਨੰਤ ਮਹਾਦੇਵਨ ਸੰਗੀਤਕਾਰ : ਅਨੂ ਮਲਿਕ ਕਲਾਕਾਰ : ਡੀਨੋ ਮੋਰਿਆ, ਮਿਨਿਸ਼ਾ ਲਾਂਬਾ, ਕੋਇਨਾ ਮਿਤਰਾ, ਆਰਤੀ ਛਾਬਰੀਆ, ਗੁਲਸ਼ਨ ਗ੍ਰੋਵਰ
ਘੱਟ ਬਜਟ ਦੀ ਥ੍ਰਿਲਰ ਫਿਲਮ ਬਣਾਉਣ ਵਾਲੇ ਅਨੰਤ ਮਹਾਦੇਵਨ 'ਅਨਾਮਿਕਾ - ਦ ਅਨਟੋਲਡ ਸਟੋਰੀ' ਲੈ ਕੇ ਦਰਸ਼ਕਾਂ ਦੇ ਸਾਹਮਣੇ ਹਾਜਿਰ ਹੋ ਰਹੇ ਹਨ। ਇਹ ਫਿਲਮ ਇੱਕ ਰਹੱਸਮਈ ਪ੍ਰੇਮ ਕਹਾਣੀ ਤੇ ਅਧਾਰਿਤ ਹੈ। ਕਹਾਣੀ ਕੁਝ ਇਸ ਪ੍ਰਕਾਰ ਹੈ :
ਵਿਕਰਮ ਆਦਿਤਯ ਸਿਸੌਦਿਆ ਦਾ ਰਾਜਸਥਾਨ ਵਿੱਚ ਗਜਨੇਰ ਪੈਲੇਸ ਹੈ। ਉਹ ਆਪਣੇ ਪੈਲੇਸ ਨੂੰ ਰਿਸਾਰਟ ਵਿੱਚ ਬਦਲਣਾ ਚਾਹੁੰਦਾ ਹੈ। ਇਸ ਕੰਮ ਲਈ ਉਹ ਮੁੰਬਈ ਜਾਂਦਾ ਹੈ, ਜਿੱਥੇ ਉਸਦੀ ਮੁਲਾਕਾਤ ਜਿਯਾ ਰਾਵ ਨਾਲ ਹੁੰਦੀ ਹੈ। ਮੁਲਾਕਾਤ ਪਿਆਰ ਵਿੱਚ ਬਦਲ ਜਾਂਦੀ ਹੈ। ਦੋਨੇਂ ਵਿਆਹ ਕਰਨ ਦਾ ਫੈਸਲਾ ਕਰਦੇ ਹਨ।
ਵਿਆਹ ਤੋਂ ਪਹਿਲਾਂ ਜਿਯਾ ਨੂੰ ਵਿਕਰਮ ਆਪਣੀ ਜਿੰਦਗੀ ਦਾ ਇੱਕ ਰਾਜ ਦੱਸਦਾ ਹੈ। ਉਸਦੇ ਅਨੁਸਾਰ ਇਹ ਉਸਦਾ ਦੂਜਾ ਵਿਆਹ ਹੈ। ਉਸਦੀ ਪਹਿਲੀ ਪਤਨੀ ਅਨਾਮਿਕਾ ਦੀ ਰਹੱਸਮਈ ਪਰਿਸਥਿਤੀਆਂ ਵਿੱਚ ਮੌਤ ਹੋ ਗਈ ਸੀ।
ਜਿਯਾ ਅਤੇ ਵਿਕਰਮ ਖੂਬਸੂਰਤ ਗਜਨੇਰ ਪੈਲੇਸ ਪਹੁੰਚਦੇ ਹਨ। ਉੱਥੇ ਜਿਯਾ ਨੂੰ ਦੋ ਚੀਜ਼ਾਂ ਬਹੁਤ ਪਰੇਸ਼ਾਨ ਕਰਦੀਆਂ ਹਨ। ਇੱਕ, ਲੰਬਾ-ਚੌੜਾ ਮਹਿਲ ਅਤੇ ਦੂਜਾ ਅਨਾਮਿਕਾ ਨਾਲ ਉਸਦੀ ਤੁਲਨਾ। ਜਿਯਾ ਦੇ ਮੁਕਾਬਲੇ ਵਿੱਚ ਅਨਾਮਿਕਾ ਸੋਹਣੀ ਸੀ।
ਉਹ ਅਨਾਮਿਕਾ ਦੀ ਤਰ੍ਹਾਂ ਰਹਿਣ ਦਾ ਫੈਸਲਾ ਕਰਦੀ ਹੈ। ਜਦੋਂ ਉਹ ਅਨਾਮਿਕਾ ਦੇ ਰੂਪ ਵਿੱਚ ਵਿਕਰਮ ਦੇ ਸਾਹਮਣੇ ਪਹੁੰਚਦੀ ਹੈ ਤਾਂ ਵਿਕਰਮ ਨੂੰ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਹਨ। ਜਿਯਾ ਨੂੰ ਉਹ ਅਨਾਮਿਕਾ ਨਾਲ ਜੁੜੀਆਂ ਕੁਝ ਗੱਲਾਂ ਨਹੀਂ ਦੱਸਣਾ ਚਾਹੁੰਦਾ।
ਜਿਯਾ ਦੀ ਮੁਲਾਕਾਤ ਵਿਕਰਮ ਦੇ ਸਾਲੇ ਨਾਲ ਹੁੰਦੀ ਹੈ। ਉਹ ਆਪਣੇ ਜੀਜਾ ਤੇ ਅਨਾਮਿਕਾ ਦੀ ਹੱਤਿਆ ਦਾ ਆਰੋਪ ਲਗਾਉਂਦਾ ਹੈ। ਇਹ ਸੁਣ ਕੇ ਜਿਯਾ ਪਿਆਰ, ਜਿੰਦਗੀ ਅਤੇ ਮੌਤ ਦੇ ਵਿਚਕਾਰ ਆਪਣੇ ਆਪ ਨੂੰ ਉਲਝਿਆ ਹੋਇਆ ਮਹਿਸੂਸ ਕਰਦੀ ਹੈ।
ਅਚਾਨਕ ਪੈਲੇਸ ਵਿੱਚ ਅਜੀਬ-ਅਜੀਬ ਚੀਜ਼ਾਂ ਹੋਣ ਲੱਗਦੀਆਂ ਹਨ। ਅਨਾਮਿਕਾ ਦਾ ਪ੍ਰੇਮੀ ਸੰਜੇ ਦਿਖਾਈ ਦਿੰਦਾ ਹੈ। ਜਿਯਾ ਦਾ ਸਾਹਮਣਾ ਅਨਾਮਿਕਾ ਦੇ ਭੂਤ ਨਾਲ ਹੁੰਦਾ ਹੈ। ਕੁਝ ਰਾਜ ਸਾਹਮਣੇ ਆਉਣ ਲੱਗਦੇ ਹਨ।
ਜਿਯਾ ਇਹਨਾਂ ਗੱਲਾਂ ਤੋਂ ਬਹੁਤ ਘਬਰਾ ਜਾਂਦੀ ਹੈ। ਉਸ ਨੂੰ ਲੱਗਦਾ ਹੈ ਕਿ ਉਸਦੇ ਨਾਲ ਵੀ ਉਹੀ ਹੋਣ ਵਾਲਾ ਹੈ ਜੋ ਅਨਾਮਿਕਾ ਦੇ ਨਾਲ ਹੋਇਆ ਸੀ। ਕੀ ਹੋਵੇਗਾ ਜਿਯਾ ਦਾ? ਅਨਾਮਿਕਾ ਦੀ ਮੌਤ ਦਾ ਜਿੰਮੇਵਾਰ ਕੌਣ ਹੈ? ਵਿਕਰਮ ਦੀ ਅਸਲੀਅਤ ਕੀ ਹੈ? ਮਹਿਲਾਂ ਦੀਆਂ ਕੰਧਾਂ ਵਿੱਚ ਕੀ ਰਾਜ ਲੁਕਿਆ ਹੋਇਆ ਹੈ? ਜਾਨਣ ਲਈ ਦੇਖੋ 'ਅਨਾਮਿਕਾ'।
|