ਰੰਗ ਸੰਜੀਦਗੀ ਦਾ ਪ੍ਰਤੀਕ ਹਨ।ਵੱਖ-ਵੱਖ ਰੰਗਾਂ ਨਾਲ ਪ੍ਰੇਮ ਸਾਡੀਆਂ ਵੱਖ-ਵੱਖ ਭਾਵਨਾਵਾਂ ਨੂੰ ਜਾਹਰ ਕਰਦਾ ਹੈ।ਮਨੁੱਖੀ ਜੀਵਨ ਉੱਪਰ ਕਿਸੇ ਇਮਾਰਤ ਦੀ ਊਰਜਾ ਦਾ ਡੂੰਘਾ ਪ੍ਰਭਾਵ ਪੈਂਦਾ ਹੈ ਅਤੇ ਇਸੇ ਊਰਜਾ ਨੂੰ ਸੰਤੁਲਿਤ ਕਰਨ ਦਾ ਵਿਗਿਆਨ ਹੈ ਵਾਸਤੂ ਸ਼ਾਸਤਰ। ਕਿਸੇ ਵੀ ਇਮਾਰਤ ਵਿਚ ਗ੍ਰਹਿ ਸਵਾਮੀ ਦੇ ਸੌਂਣ ਵਾਲੇ ਕਮਰੇ, ਕਾਰਖਾਨਿਆਂ, ਦਫਤਰਾਂ, ਦੱਖਣੀ-ਪੱਛਮੀ ਭਾਗ ਵਿਚ ਜੋ ਵੀ ਕਮਰਾ ਹੋਵੇ ਉੱਥੋਂ ਦੀਆਂ ਕੰਧਾਂ ਅਤੇ ਫਰਨੀਚਰ ਆਦਿ ਦਾ ਰੰਗ ਹਲਕਾ ਗੁਲਾਬੀ ਜਾਂ ਨਿੰਬੂ ਵਾਂਗ ਪੀਲਾ ਹੋਵੇ ਤਾਂ ਲਾਹੇਵੰਦ ਰਹਿੰਦਾ ਹੈ।
ਗੁਲਾਬੀ ਰੰਗ ਪਿਆਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਇਹ ਆਪਸੀ ਤਾਲਮੇਲ ਅਤੇ ਪਿਆਰ ਵਿਚ ਵਾਧਾ ਕਰਦਾ ਹੈ।ਇਸ ਰੰਗ ਦੇ ਖੇਤਰ ਵਿਚ ਨਿਵਾਸ ਕਰਨ ਵਾਲੇ ਜਾਤਕਾਂ ਦੀਆਂ ਭਾਵਨਾਵਾਂ ਉੱਪਰ ਇਸ ਦਾ ਡੂੰਘਾ ਪ੍ਰਭਾਵ ਪੈਂਦਾ ਹੈ।ਇਸ ਭਾਗ ਵਿਚ ਗੂੜ੍ਹੇ ਲਾਲ ਅਤੇ ਗੂੜ੍ਹੇ ਹਰੇ ਰੰਗ ਦੀ ਵਰਤੋਂ ਕਰਨਾ ਨਾਲ ਜਾਤਕ ਦੀਆਂ ਮਾਨਸਿਕ ਬਿਰਤੀਆਂ ਉੱਪਰ ਉਲਟ ਪ੍ਰਭਾਵ ਪੈਂਦਾ ਹੈ।
ਇਸੇ ਤਰ੍ਹਾਂ ਉੱਤਰ ਪੱਛਮੀ ਇਮਾਰਤ ਵਿਚ ਹਲਕੇ ਸਲੇਟੀ ਰੰਗ ਦੀ ਵਰਤੋਂ ਕਰਨਾ ਲਾਹੇਵੰਦ ਰਹਿੰਦਾ ਹੈ।ਵਾਸਤੂ ਸ਼ਾਸਤਰ ਮੁਤਾਬਕ ਇਹ ਭਾਗ ਘਰ ਦੀਆਂ ਕੁਆਰੀਆਂ ਮੁਟਿਆਰਾਂ ਦੇ ਰਹਿਣ ਜਾਂ ਮਿਹਮਾਨਾਂ ਨੂੰ ਠਹਿਰਾਉਣ ਲਈ ਉਚਿਤ ਮੰਨਿਆ ਜਾਂਦਾ ਹੈ।ਕਿਸੇ ਦਫਤਰ ਦੇ ਉੱਤਰ ਪੱਛਮੀ ਭਾਗ ਵਿਚ ਵੀ ਸਲੇਟੀ ਰੰਗ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਇਮਾਰਤ ਦੇ ਦੱਖਣੀ ਭਾਗ ਵਿਚ ਨਾਰੰਗੀ ਰੰਗ ਦੀ ਵਰਤੋਂ ਉਚਿਤ ਮੰਨੀ ਜਾਂਦੀ ਹੈ।ਇਸ ਰੰਗ ਦੀ ਵਰਤੋਂ ਨਾਲ ਮਨ ਵਿਚ ਫੁਰਤੀ ਅਤੇ ਉਤਸ਼ਾਹ ਦਾ ਸੰਚਾਰ ਹੁੰਦਾ ਹੈ।ਇਸਦੇ ਠੀਕ ਉਲਟ ਹਿੱਸੇ ਵਿਚ ਜੇਕਰ ਹਲਕੇ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸੁਸਤੀ ਅਤੇ ਆਲਸ ਵੱਧਦਾ ਹੈ।ਇਮਾਰਤ ਵਿਚ ਪੂਰਬ ਵੱਲ ਬਣੇ ਹੋਏ ਕਮਰੇ ਵਿਚ ਸਫੈਦ ਰੰਗ ਦੀ ਵਰਤੋਂ ਵੀ ਉਚਿਤ ਰਹਿੰਦੀ ਹੈ।
ਸਫੈਦ ਰੰਗ ਸਾਦਗੀ ਅਤੇ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ।ਇਸ ਸਥਾਨ ਉੱਪਰ ਚਮਕੀਲੇ ਰੰਗਾਂ ਦੀ ਵਰਤੋਂ ਕਰਨ ਨਾਲ ਮਨ ਚੰਚਲ ਹੁੰਦਾ ਹੈ।ਇਮਾਰਤ ਵਿਚ ਪੱਛਮੀ ਦਿਸ਼ਾ ਦੇ ਕਮਰੇ ਵਿਚ ਨੀਲੇ ਰੰਗ ਦੀ ਵਰਤੋਂ ਕਰੋ।ਅਜਿਹਾ ਕਰਨ ਨਾਲ ਉੱਥੇ ਰਹਿਣ ਵਾਲੇ ਵਿਅਕਤੀ ਆਗਿਆਕਾਰੀ ਅਤੇ ਆਦਰ ਦੇਣ ਵਾਲੇ ਬਣੇ ਰਹਿਣਗੇ ਅਤੇ ਉਹਨਾਂ ਦੇ ਮਨ ਵਿਚ ਚੰਗੀ ਭਾਵਨਾ ਰਹੇਗੀ।
ਅਸਮਾਨੀ ਰੰਗ ਆਸਮਾਨ ਦੀ ਵਿਸ਼ਾਲਤਾ, ਤਿਆਗ ਅਤੇ ਅਨੰਤਤਾ ਦਾ ਪ੍ਰਤੀਕ ਹੈ।ਉੱਥੇ ਰਹਿਣ ਵਾਲਿਆਂ ਦੇ ਮਨ ਵਿਚ ਕਦੀ ਵੀ ਸੰਕੁਚਿਤ, ਤੰਗ ਜਾਂ ਹੀਣ ਭਾਵਨਾ ਨਹੀਂ ਆਵੇਗੀ।ਵਾਸਤੂ ਮੁਤਾਬਕ ਇਮਾਰਤ ਦੇ ਉੱਤਰ ਪੂਰਬੀ ਭਾਗ ਨੂੰ ਹਰੇ ਅਤੇ ਨੀਲੇ ਰੰਗ ਦੇ ਮੇਲ ਨਾਲ ਰੰਗਣਾ ਵਧੀਆ ਰਹਿੰਦਾ ਹੈ।ਇਹ ਸਥਾਨ ਜਲ ਤੱਤ ਦਾ ਸਥਾਨ ਮੰਨਿਆ ਜਾਂਦਾ ਹੈ।
ਇਸ ਲਈ ਇਸ ਥਾਨ ਉੱਪਰ ਚਮਕੀਲੇ ਰੰਗਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।ਇਮਾਰਤ ਵਿਚ ਦੱਖਣੀ-ਪੂਰਬੀ ਭਾਗ ਅਗਨੀ ਤੱਤ ਦਾ ਮੰਨਿਆ ਜਾਂਦਾ ਹੈ।ਇਸ ਸਥਾਨ ਦੀ ਸਾਜ ਸੱਜਾ ਵਿਚ ਪੀਲੇ ਰੰਗ ਦੀ ਵਰਤੋਂ ਉਚਿਤ ਰਹਿੰਦੀ ਹੈ। |