ਜਦੋਂ ਵੀ ਅਸੀਂ ਆਪਣਾ ਮਕਾਨ ਬਣਾਉਂਦੇ ਹਾਂ ਤਾਂ ਇਹੀ ਮਨ ਵਿੱਚ ਆਉਂਦਾ ਰਹਿੰਦਾ ਹੈ ਕਿ ਅਸੀਂ ਜਿਸ ਮਕਾਨ ਨੂੰ ਆਪਣੀ ਪੂੰਜੀ ਨਾਲ ਜਾਂ ਕਰਜ਼ਾ ਲੈ ਕੇ ਬਣਾ ਰਹੇ ਹਾਂ, ਉਸ ਵਿੱਚ ਅਸੀਂ ਅਤੇ ਸਾਡਾ ਪਰਿਵਾਰ ਸੁੱਖ-ਸ਼ਾਂਤੀ ਨਾਲ ਰਹਿ ਸਕੇ। ਬੱਚੇ ਉੱਨਤੀ ਕਰਨ। ਘਰ ਵਿੱਚ ਕਿਸੇ ਪ੍ਰਕਾਰ ਦੀ ਹਾਨੀ ਨਾ ਹੋਵੇ। ਧੰਨ-ਸੰਪਤੀ ਨਾਲ ਭਰਪੂਰ ਹੋ ਕੇ ਸੁੱਖਾਂ ਨਾਲ ਭਰਿਆ ਜੀਵਨ ਵਤੀਤ ਹੋਵੇ। ਇਸਦੇ ਲਈ ਸਾਨੂੰ ਕੁਝ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।
ਸਭ ਤੋਂ ਪਹਿਲਾਂ ਜਿਸ ਦੇ ਨਾਮ ਤੇ ਮਕਾਨ ਹੋਵੇ, ਉਸਦੇ ਲਈ ਜੋ ਦਿਸ਼ਾ ਸ਼ੁਭ ਹੋਵੇ ਉਸੇ ਦਿਸ਼ਾ ਵਿੱਚ ਮਕਾਨ ਬਣਵਾਉ। ਘਰ ਦੇ ਸਾਰੇ ਦਰਵਾਜਿਆਂ ਤੋਂ ਮੁੱਖ ਦਰਵਾਜੇ ਦਾ ਵੱਡਾ ਹੋਣਾ ਸ਼ੁਭ ਫਲਦਾਇਕ ਹੁੰਦਾ ਹੈ। ਮੁੱਖ ਦਰਵਾਜਾ ਅਤੇ ਅੰਤਿਮ ਦਰਵਾਜਾ ਇੱਕ ਸੇਧ ਵਿੱਚ ਹੋਣ ਨਾਲ ਮੁਸ਼ਕਿਲ ਹੋ ਜਾਂਦੀ ਹੈ। ਇਸ ਲਈ ਮਕਾਨ ਦੇ ਦਰਵਾਜੇ ਇੱਕ ਸੇਧ ਵਿੱਚ ਨਹੀਂ ਹੋਣੇ ਚਾਹੀਦੇ।
ਜੇਕਰ ਕਿਸੇ ਮਕਾਨ ਵਿੱਚ ਅਜਿਹਾ ਹੋਵੇ ਤਾਂ ਉਸ ਨੂੰ ਪਰਦਾ ਪਾ ਕੇ ਬੰਦ ਕੀਤਾ ਜਾ ਸਕਦਾ ਹੈ ਜਾਂ ਵਿਚਕਾਰ ਵਾਲੇ ਦਰਵਾਜੇ ਤੇ ਕ੍ਰਿਸਟਲ ਬਾਲ ਲਗਾ ਕੇ ਇਸ ਦੋਸ਼ ਨੂੰ ਦੂਰ ਕੀਤਾ ਜਾ ਸਕਦਾ ਹੈ। ਮੁੱਖ ਦਰਵਾਜੇ ਦੇ ਸਾਹਮਣੇ ਬਾਥਰੂਮ ਦਾ ਦਰਵਾਜਾ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਖਰਾਬ ਊਰਜਾ ਘਰ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਆਮਦਨ ਤੋਂ ਜਿਆਦਾ ਖਰਚ ਹੋਣ ਲੱਗਦਾ ਹੈ। ਜੇ ਕਿਸੇ ਦੇ ਘਰ ਵਿੱਚ ਅਜਿਹਾ ਹੈ ਤਾਂ ਉਸ ਨੂੰ ਵੀ ਮੁੱਖ ਦਰਵਾਜੇ ਦੇ ਮੱਧ ਵਿੱਚ ਕ੍ਰਿਸਟਲ ਬਾਲ ਲਗਾ ਕੇ ਦੋਸ਼ ਦੂਰ ਕੀਤਾ ਜਾ ਸਕਦਾ ਹੈ। ਜਿੱਥੇ ਤੱਕ ਹੋ ਸਕੇ ਬਾਥਰੂਮ ਦਾ ਦਰਵਾਜਾ ਮੁੱਖ ਦਰਵਾਜੇ ਦੇ ਸਾਹਮਣੇ ਤੋਂ ਬਦਲ ਦੇਣਾ ਹੀ ਬੁੱਧੀਮਾਨੀ ਹੋਵੇਗੀ।
ਮੁੱਖ ਦਰਵਾਜੇ ਦੇ ਸਾਹਮਣੇ ਜੇ ਪੌੜੀਆਂ ਹੋਣ ਤਾਂ ਇਸ ਵਿੱਚ ਰਹਿਣ ਵਾਲੇ ਦਾ ਭਾਗ ਪਰਿਵਰਤਨ ਹੁੰਦਾ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਬਾਗੁਵਾ ਮਿਰਰ ਲਗਾਉਣਾ ਚਾਹੀਦਾ ਹੈ ਤਾਂ ਕਿ ਉਸਦੀ ਦਿਸ਼ਾ ਵਿੱਚ ਪਰਿਵਰਤਨ ਹੋਵੇ ਅਤੇ ਉਹਨਾਂ ਪੌੜੀਆਂ ਦਾ ਗਲਤ ਪ੍ਰਭਾਵ ਨਾ ਪਵੇ। ਮੁੱਖ ਦਰਵਾਜੇ ਦੇ ਸਾਹਮਣੇ ਰਸੋਈ ਘਰ ਦਾ ਦਰਵਾਜਾ ਨਹੀਂ ਹੋਣਾ ਚਾਹੀਦਾ। ਕਿਉਂਕਿ ਚੰਗੀ ਊਰਜਾ ਰਸੋਈ ਘਰ ਦੀ ਊਰਜਾ ਨਾਲ ਟਕਰਾ ਕੇ ਨਸ਼ਟ ਹੋ ਜਾਂਦੀ ਹੈ ਅਤੇ ਘਰ ਵਿੱਚ ਬਣਨ ਵਾਲੀ ਵਸਤੂ ਆਉਣ ਵਾਲੇ ਨੂੰ ਦਿਖਾਈ ਦਿੰਦੀ ਹੈ, ਜੋ ਸ਼ੁਭ ਨਹੀਂ ਹੁੰਦਾ ਹੈ।
ਮੁੱਖ ਦਰਵਾਜੇ ਦੇ ਖੁੱਲ੍ਹਦੇ ਹੀ ਵਹਿੰਦੇ ਝਰਨੇ ਦਾ ਚਿੱਤਰ ਹੋਵੇ ਤਾਂ ਤੁਰੰਤ ਹਟਾ ਦੇਣਾ ਚਾਹੀਦਾ ਹੈ, ਨਹੀਂ ਤਾਂ ਆਰਥਿਕ ਸਥਿਤੀ ਦਿਨ-ਪ੍ਰਤੀ-ਦਿਨ ਵਿਗੜਦੀ ਜਾਵੇਗੀ ਅਤੇ ਉੱਨਤੀ ਵਿੱਚ ਵਿਘਨ ਆਵੇਗਾ। ਧਿਆਨ ਰਹੇ ਮੁੱਖ ਦਰਵਾਜੇ ਦੇ ਸਾਹਮਣੇ ਸ਼ੀਸ਼ਾ ਜਾਂ ਅਲਮਾਰੀ ਵਿੱਚ ਲੱਗਿਆ ਕੱਚ ਨਾ ਹੋਵੇ।
ਜੇ ਹੋਵੇ ਤਾਂ ਹਟਾ ਦੇਣਾ ਹੀ ਸ਼ੁਭ ਹੋਵੇਗਾ। ਮੁੱਖ ਦਰਵਾਜੇ ਦੇ ਸਾਹਮਣੇ ਸੁੱਖ-ਸਮਰਿੱਧੀ ਦਾਇਕ ਚਿੱਤਰ ਦਾ ਲੱਗਿਆ ਹੋਣਾ ਸ਼ੁਭ ਫ਼ਲਦਾਇਕ ਹੁੰਦਾ ਹੈ। ਮੁੱਖ ਦਰਵਾਜੇ ਦੇ ਸਾਹਮਣੇ ਦੀ ਕੰਧ ਤੇ ਲਕਸ਼ਮੀ ਜੀ ਜਾਂ ਸ਼੍ਰੀ ਕ੍ਰਿਸ਼ਨ ਜੀ ਦਾ ਚਿੱਤਰ ਲਗਾਉਣ ਨਾਲ ਆਉਣ ਵਾਲੇ ਮਹਿਮਾਨ ਤੇ ਬੁਰਾ ਪ੍ਰਭਾਵ ਨਹੀਂ ਹੁੰਦਾ ਅਤੇ ਉਸਦਾ ਮਨ ਪ੍ਰਸੰਨ ਹੋਣ ਨਾਲ ਚੰਗੀ ਊਰਜਾ ਦਾ ਸੰਚਾਰ ਹੁੰਦਾ ਹੈ।
|